ਵਰਕਆਊਟ ਦੀ ਆਦਤ ਇੰਝ ਪਾਓ।
ਮੋਟੀਵੇਸ਼ਨ ਤੁਹਾਨੂੰ ਇੱਕ ਹਫ਼ਤਾ ਜਿਮ ਲੈ ਜਾਂਦੀ ਹੈ। ਛੇ ਮਹੀਨੇ ਜੋ ਲੈ ਕੇ ਜਾਂਦਾ ਹੈ, ਉਹ ਹੈ ਇੱਕ ਸਿਸਟਮ: ਕੁਝ ਛੋਟਾ, ਹਰ ਵਾਰ ਉਸੇ ਸਮੇਂ, ਜੋ ਨਜ਼ਰ ਆਵੇ ਅਤੇ ਜਿਸ ਨੂੰ ਕੋਈ ਹੋਰ ਵੀ ਦੇਖੇ। ਇਸ ਨੂੰ ਕਿਵੇਂ ਖੜ੍ਹਾ ਕਰਨਾ ਹੈ, ਉਹ ਇੱਥੇ ਹੈ: ਖੋਜ ਜੋ ਕਹਿੰਦੀ ਹੈ ਉਸ ਦੇ ਆਧਾਰ ਉੱਤੇ, ਅਤੇ ਬਿਨਾਂ ਕਿਸੇ ਹਵਾਈ ਵਾਅਦੇ ਦੇ।

ਸਿਰਫ਼ ਮੋਟੀਵੇਸ਼ਨ ਕਾਫ਼ੀ ਕਿਉਂ ਨਹੀਂ
ਬਹੁਤੇ ਲੋਕ ਇੱਕੋ ਤਰ੍ਹਾਂ ਸ਼ੁਰੂ ਕਰਦੇ ਹਨ: ਸੋਮਵਾਰ ਤੋਂ, ਪੂਰੇ ਜੋਸ਼ ਨਾਲ, ਹਫ਼ਤੇ ਵਿੱਚ ਪੰਜ ਦਿਨਾਂ ਦੇ ਪਲਾਨ ਨਾਲ। ਤੀਜੇ ਹਫ਼ਤੇ ਤੱਕ ਕੁਝ ਨਾ ਕੁਝ ਵਿੱਚ ਆ ਜਾਂਦਾ ਹੈ (ਕੰਮ, ਮੀਂਹ, ਆਲਸ) ਅਤੇ ਸਾਰਾ ਪਲਾਨ ਢਹਿ ਜਾਂਦਾ ਹੈ।
ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ। ਪਲਾਨ ਮਨ ਹੋਣ ਉੱਤੇ ਟਿਕਿਆ ਸੀ, ਅਤੇ ਮਨ ਤਾਂ ਆਉਂਦਾ-ਜਾਂਦਾ ਰਹਿੰਦਾ ਹੈ। ਆਦਤ ਇਸ ਦੇ ਬਿਲਕੁਲ ਉਲਟ ਹੈ: ਅਜਿਹਾ ਕੰਮ ਜੋ ਮਨ ਨਾ ਹੋਵੇ ਤਾਂ ਵੀ ਹੋ ਜਾਂਦਾ ਹੈ, ਕਿਉਂਕਿ ਹੁਣ ਹਰ ਵਾਰ ਉਸ ਦਾ ਫ਼ੈਸਲਾ ਨਹੀਂ ਕਰਨਾ ਪੈਂਦਾ।
ਚੰਗੀ ਖ਼ਬਰ ਇਹ ਹੈ ਕਿ ਆਦਤ ਬਣਾਈ ਜਾ ਸਕਦੀ ਹੈ। ਅਤੇ ਉਹ ਬਣਦੀ ਹੈ ਇੱਕੋ ਮਾਹੌਲ ਵਿੱਚ ਵਾਰ-ਵਾਰ ਦੁਹਰਾਉਣ ਨਾਲ, ਸਿਰਫ਼ ਇੱਛਾ-ਸ਼ਕਤੀ ਦੇ ਜ਼ੋਰ ਉੱਤੇ ਨਹੀਂ।
ਆਦਤ ਬਣਨ ਨੂੰ ਕਿੰਨਾ ਸਮਾਂ ਲੱਗਦਾ ਹੈ
ਮਸ਼ਹੂਰ 21 ਦਿਨ ਆਦਤਾਂ ਬਾਰੇ ਕਿਸੇ ਸਟੱਡੀ ਵਿੱਚੋਂ ਨਹੀਂ ਆਏ। ਜਿਸ ਸਟੱਡੀ ਦਾ ਸਭ ਤੋਂ ਵੱਧ ਹਵਾਲਾ ਦਿੱਤਾ ਜਾਂਦਾ ਹੈ, ਉਸ ਵਿੱਚ University College London ਦੀ ਇੱਕ ਟੀਮ ਨੇ 96 ਲੋਕਾਂ ਉੱਤੇ ਨਜ਼ਰ ਰੱਖੀ, ਜੋ 12 ਹਫ਼ਤੇ ਰੋਜ਼ ਇੱਕੋ ਕੰਮ ਦੁਹਰਾਉਂਦੇ ਸਨ। ਉਸ ਕੰਮ ਨੂੰ ਆਪਣੇ-ਆਪ ਹੋਣ ਲੱਗਣ ਵਿੱਚ 18 ਤੋਂ 254 ਦਿਨ ਲੱਗੇ, ਇਨਸਾਨ ਅਤੇ ਕੰਮ ਦੇ ਹਿਸਾਬ ਨਾਲ।
ਉਸ ਸਟੱਡੀ ਦੀਆਂ ਦੋ ਗੱਲਾਂ ਇਸ ਅੰਕੜੇ ਤੋਂ ਵੱਧ ਮਾਇਨੇ ਰੱਖਦੀਆਂ ਹਨ। ਪਹਿਲੀ: ਕੰਮ ਆਪਣੇ-ਆਪ ਉਦੋਂ ਹੋਣ ਲੱਗਾ, ਜਦੋਂ ਉਸ ਨੂੰ ਹਰ ਵਾਰ ਇੱਕੋ ਮਾਹੌਲ ਵਿੱਚ ਦੁਹਰਾਇਆ ਗਿਆ (ਨਾਸ਼ਤੇ ਤੋਂ ਬਾਅਦ, ਕੰਮ ਤੋਂ ਨਿਕਲਦਿਆਂ ਹੀ)। ਦੂਜੀ: ਇੱਕ ਦਿਨ ਖੁੰਝਣ ਨਾਲ ਪ੍ਰੋਸੈੱਸ ਉੱਤੇ ਕੋਈ ਅਸਰ ਨਹੀਂ ਪਿਆ।
ਮਤਲਬ: ਕਿਸੇ ਹੋਰ ਦੇ ਕੈਲੰਡਰ ਨਾਲ ਆਪਣੇ-ਆਪ ਨੂੰ ਨਾ ਮਿਣੋ, ਅਤੇ ਇੱਕ ਮਾੜੇ ਦਿਨ ਕਰਕੇ ਸਭ ਕੁਝ ਨਾ ਛੱਡੋ।
ਸੱਤ ਗੱਲਾਂ ਜੋ ਸੱਚੀਂ ਕੰਮ ਕਰਦੀਆਂ ਹਨ
ਹਾਸਾ ਆਉਣ ਜਿੰਨੀ ਛੋਟੀ ਸ਼ੁਰੂਆਤ
ਹਫ਼ਤੇ ਵਿੱਚ ਦੋ ਦਿਨ, ਵੀਹ ਮਿੰਟ। ਪਹਿਲਾ ਟੀਚਾ ਹਾਜ਼ਰੀ ਲਗਾਉਣਾ ਹੋਵੇ, ਪਰਫ਼ਾਰਮ ਕਰਨਾ ਨਹੀਂ। ਵਧਾਉਣ ਲਈ ਅੱਗੇ ਬਥੇਰਾ ਸਮਾਂ ਹੈ।
ਦਿਨ, ਸਮਾਂ ਅਤੇ ਥਾਂ ਪੱਕੀ ਕਰੋ
“ਕਸਰਤ ਕਰਨੀ ਹੈ” ਕੋਈ ਪਲਾਨ ਨਹੀਂ। “ਮੰਗਲਵਾਰ ਅਤੇ ਵੀਰਵਾਰ, ਕੰਮ ਤੋਂ ਛੁੱਟੀ ਮਗਰੋਂ, ਗਲੀ ਦੇ ਮੋੜ ਵਾਲੇ ਜਿਮ ਵਿੱਚ” ਪਲਾਨ ਹੈ। ਪਹਿਲਾਂ ਤੋਂ ਤੈਅ ਹੋਵੇ, ਤਾਂ ਹਰ ਵਾਰ ਆਪਣੇ ਨਾਲ ਬਹਿਸ ਨਹੀਂ ਕਰਨੀ ਪੈਂਦੀ।
ਝੰਜਟ ਘਟਾਓ
ਕੱਪੜੇ ਰਾਤ ਨੂੰ ਹੀ ਤਿਆਰ, ਜਿਮ ਅਜਿਹਾ ਜੋ ਰਾਹ ਵਿੱਚ ਪੈਂਦਾ ਹੋਵੇ, ਰੂਟੀਨ ਪਹਿਲਾਂ ਤੋਂ ਚੁਣੀ ਹੋਈ। ਹਰ ਝੰਜਟ ਘੱਟ, ਮਤਲਬ ਇੱਕ ਬਹਾਨਾ ਘੱਟ।
ਤਰੱਕੀ ਨਜ਼ਰ ਆਵੇ
ਸਰੀਰ ਬਦਲਣ ਨੂੰ ਹਫ਼ਤੇ ਲੱਗਦੇ ਹਨ, ਪਰ ਤੁਹਾਡੀ ਹਾਜ਼ਰੀ ਪਹਿਲੇ ਦਿਨ ਤੋਂ ਹੀ ਦਿਖਦੀ ਹੈ। ਅਜਿਹਾ ਹਿਸਾਬ ਰੱਖੋ ਜੋ ਅੱਖਾਂ ਸਾਹਮਣੇ ਹੋਵੇ: ਸਟ੍ਰੀਕ, ਕੈਲੰਡਰ, ਜਾਂ ਕੋਈ ਕਿਰਦਾਰ ਜਿਸ ਦਾ ਲੈਵਲ ਵਧਦਾ ਹੋਵੇ।
ਕਿਸੇ ਹੋਰ ਨੂੰ ਵੀ ਪਤਾ ਹੋਵੇ
ਦੋਸਤਾਂ ਨਾਲ ਵਰਕਆਊਟ, ਜਾਂ ਘੱਟੋ-ਘੱਟ ਉਨ੍ਹਾਂ ਨੂੰ ਦਿਖੇ ਕਿ ਤੁਹਾਡੀ ਹਾਜ਼ਰੀ ਲੱਗੀ ਜਾਂ ਨਹੀਂ: ਇਸ ਨਾਲ ਸਭ ਕੁਝ ਬਦਲ ਜਾਂਦਾ ਹੈ। ਆਪਣੇ-ਆਪ ਨਾਲ ਕੀਤਾ ਵਾਅਦਾ ਤੋੜਨਾ ਸੌਖਾ ਹੈ; ਗਰੁੱਪ ਨਾਲ ਕੀਤਾ, ਇੰਨਾ ਨਹੀਂ।
ਮਾੜੇ ਦਿਨ ਦਾ ਪਲਾਨ ਰੱਖੋ
ਮੀਂਹ ਪਵੇਗਾ, ਕੰਮ ਤੋਂ ਨਿਕਲਣ ਵਿੱਚ ਦੇਰ ਹੋਵੇਗੀ, ਮਨ ਨਹੀਂ ਕਰੇਗਾ। ਆਪਣਾ ਘੱਟੋ-ਘੱਟ ਵਰਜ਼ਨ ਅੱਜ ਹੀ ਤੈਅ ਕਰ ਲਓ: ਘਰ ਵਿੱਚ ਦਸ ਮਿੰਟ ਵੀ ਗਿਣੇ ਜਾਂਦੇ ਹਨ। ਨਿਯਮ: ਲਗਾਤਾਰ ਦੋ ਨਾਗੇ ਕਦੇ ਨਹੀਂ।
ਇਨਾਮ ਅੱਜ ਹੀ ਲਓ
ਕਸਰਤ ਦਾ ਇਨਾਮ ਮਹੀਨਿਆਂ ਬਾਅਦ ਮਿਲਦਾ ਹੈ, ਅਤੇ ਮੰਜਾ ਤਾਂ ਹੁਣੇ ਹੀ ਸੁਆਦ ਦੇ ਦਿੰਦਾ ਹੈ। ਸੈਸ਼ਨ ਨਾਲ ਕੋਈ ਅਜਿਹੀ ਚੀਜ਼ ਜੋੜੋ ਜਿਸ ਦਾ ਸੁਆਦ ਹੁਣੇ ਆਵੇ: ਆਪਣੇ ਗਾਣੇ, ਕੋਈ ਗੇਮ, ਕਿਸੇ ਨੂੰ ਹਰਾਉਣਾ।
ਖੇਡਣ ਨਾਲ ਮਦਦ ਕਿਉਂ ਮਿਲਦੀ ਹੈ
ਸ਼ੁਰੂ ਵਿੱਚ ਕਸਰਤ ਵਿੱਚ ਜਿਸ ਚੀਜ਼ ਦੀ ਕਮੀ ਹੁੰਦੀ ਹੈ, ਗੇਮ ਉਹੀ ਕੰਮ ਵਧੀਆ ਕਰਦੀ ਹੈ: ਝੱਟ ਦੱਸਦੀ ਹੈ ਕਿ ਤਰੱਕੀ ਕਿਹੋ ਜਿਹੀ ਹੈ, ਦਿਖਾਉਂਦੀ ਹੈ ਕਿ ਅਗਲਾ ਲੈਵਲ ਕਿੰਨਾ ਦੂਰ ਹੈ, ਅਤੇ ਸਾਹਮਣੇ ਕੋਈ ਮੁਕਾਬਲੇ ਵਾਲਾ ਖੜ੍ਹਾ ਕਰ ਦਿੰਦੀ ਹੈ।
ਇਸੇ ਲਈ ਸਟ੍ਰੀਕ, ਲੈਵਲ ਅਤੇ ਲੀਡਰਬੋਰਡ ਕੰਮ ਕਰਦੇ ਹਨ: ਇਹ ਦੂਰ ਦੇ ਫ਼ਾਇਦੇ (ਛੇ ਮਹੀਨਿਆਂ ਵਿੱਚ ਫ਼ਿੱਟ ਹੋਣਾ) ਨੂੰ ਅੱਜ ਦੇ ਫ਼ਾਇਦੇ (ਸਟ੍ਰੀਕ ਨਾ ਟੁੱਟੇ, ਇੱਕ ਨੰਬਰ ਉੱਪਰ) ਵਿੱਚ ਬਦਲ ਦਿੰਦੇ ਹਨ।
ਹਾਂ, ਇੱਕ ਗੱਲ: ਗੇਮ ਦਾ ਕੰਮ ਤੁਹਾਨੂੰ ਜਿਮ ਤੱਕ ਪਹੁੰਚਾਉਣਾ ਹੈ। ਉੱਥੇ ਪਹੁੰਚ ਕੇ ਕੀ ਕਰਨਾ ਹੈ (ਰੂਟੀਨ, ਤਕਨੀਕ, ਭਾਰ), ਉਹ ਵੱਖਰੀ ਗੱਲ ਹੈ।
Gym Wigas ਇਹ ਕਿਵੇਂ ਕਰਦੀ ਹੈ
Gym Wigas iPhone ਅਤੇ Android ਦੀ ਐਪ ਹੈ, ਜੋ ਇਨ੍ਹਾਂ ਹੀ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਇਹ ਨਹੀਂ ਦੱਸਦੀ ਕਿ ਕਿਹੜੀ ਰੂਟੀਨ ਕਰਨੀ ਹੈ: ਇਸ ਨਾਲ ਜਿਮ ਜਾਣ ਦਾ ਮਨ ਕਰਦਾ ਹੈ।
- ਤਰੱਕੀ ਨਜ਼ਰ ਆਵੇ
- ਆਪਣਾ ਕਿਰਦਾਰ, ਯਾਨੀ wiga, ਬਣਾਓ: ਸ਼ੁਰੂ ਵਿੱਚ ਢਿੱਡ ਵਾਲਾ, ਫਿਰ ਹੌਲੀ-ਹੌਲੀ ਕੱਟਸ ਵਾਲਾ। ਹਰ 4 ਚੈੱਕ-ਇਨ ਉੱਤੇ ਇੱਕ ਲੈਵਲ ਉੱਪਰ; ਕੁੱਲ 50।
- ਗਿਣਤੀ ਸੱਚੀ ਹੋਵੇ
- ਜਿਮ ਦੀ ਹਾਜ਼ਰੀ ਤੁਹਾਡੇ ਫ਼ੋਨ ਦੀ ਲੋਕੇਸ਼ਨ ਨਾਲ ਪੱਕੀ ਕੀਤੀ ਜਾਂਦੀ ਹੈ। ਇੱਥੇ “ਹਾਜ਼ਰ ਜੀ!” ਵਾਲਾ ਕੋਈ ਬਟਨ ਨਹੀਂ।
- ਕਿਸੇ ਹੋਰ ਨੂੰ ਵੀ ਪਤਾ ਹੋਵੇ
- ਤੁਹਾਡੀ ਕਮਿਊਨਿਟੀ ਹਰ ਚੈੱਕ-ਇਨ ਦੇਖਦੀ ਹੈ, ਅਤੇ ਹਫ਼ਤੇ, ਮਹੀਨੇ ਅਤੇ ਆਲ-ਟਾਈਮ ਦੇ ਲੀਡਰਬੋਰਡ ਉੱਤੇ ਮੁਕਾਬਲਾ ਚੱਲਦਾ ਹੈ।
- ਮਾੜੇ ਦਿਨ ਦਾ ਪਲਾਨ
- ਦੌੜ, ਸੈਰ, ਸਾਈਕਲ, ਡਾਂਸ ਜਾਂ ਘਰ ਵਿੱਚ ਵਰਕਆਊਟ ਵੀ ਗਿਣੇ ਜਾਂਦੇ ਹਨ, ਅਤੇ ਕੈਮਰੇ ਸਾਹਮਣੇ ਸਰੀਰ ਨਾਲ ਖੇਡੀਆਂ ਜਾਣ ਵਾਲੀਆਂ ਗੇਮਾਂ ਵੀ ਹਨ: ਪੁਸ਼-ਅੱਪ, ਪਲੈਂਕ, ਬਾਕਸਿੰਗ।
- ਇਨਾਮ ਅੱਜ ਹੀ
- ਸਟ੍ਰੀਕ, ਲੈਵਲ, ਰੈਂਕ ਅਤੇ ਦੋਸਤਾਂ ਨਾਲ ਇੱਕ-ਇੱਕ ਮਿੰਟ ਦੇ ਡਿਊਲ।
- ਇੱਕੋ ਦਿਨ ਵਿੱਚ ਸਭ ਨਹੀਂ
- ਇੱਕ ਦਿਨ ਵਿੱਚ ਵੱਧ ਤੋਂ ਵੱਧ ਤਿੰਨ ਸੈਸ਼ਨ ਗਿਣੇ ਜਾਂਦੇ ਹਨ: ਜਿੱਤ ਉਸ ਦੀ, ਜੋ ਲਗਾਤਾਰ ਆਵੇ; ਉਸ ਦੀ ਨਹੀਂ, ਜੋ ਕਿਸੇ ਇੱਕ ਐਤਵਾਰ ਨੂੰ ਜਾਨ ਲਾ ਦੇਵੇ।
ਇਹ ਕਿਸ ਲਈ ਨਹੀਂ: ਇਸ ਦਾ ਕੋਈ ਫ਼ਰੀ ਵਰਜ਼ਨ ਨਹੀਂ (₹149 ਪ੍ਰਤੀ ਮਹੀਨਾ ਜਾਂ ₹1,199 ਪ੍ਰਤੀ ਸਾਲ; ਸਾਲਾਨਾ ਪਲਾਨ 7 ਦਿਨਾਂ ਦੇ ਟ੍ਰਾਇਲ ਨਾਲ ਸ਼ੁਰੂ ਹੁੰਦਾ ਹੈ), ਅਤੇ Android ਉੱਤੇ ਇਹ ਹਾਲੇ ਸਿਰਫ਼ ਸੱਦੇ ਵਾਲੀ beta ਵਿੱਚ ਹੈ।

ਚਾਰ ਹਫ਼ਤਿਆਂ ਦਾ ਪਲਾਨ
ਜ਼ੀਰੋ ਤੋਂ ਸ਼ੁਰੂਆਤ ਲਈ। ਜੇ ਵਰਕਆਊਟ ਪਹਿਲਾਂ ਤੋਂ ਚੱਲ ਰਿਹਾ ਹੈ, ਤਾਂ ਜਿੱਥੇ “ਦੋ” ਲਿਖਿਆ ਹੈ, ਉੱਥੇ ਵਧਾ ਲਓ।
ਹਫ਼ਤਾ 1
ਦੋ ਛੋਟੇ ਸੈਸ਼ਨ, ਪੱਕੇ ਦਿਨਾਂ ਅਤੇ ਪੱਕੇ ਸਮੇਂ ਉੱਤੇ। ਟੀਚਾ ਬੱਸ ਇੱਕ: ਦੋਵੇਂ ਵਾਰ ਹਾਜ਼ਰੀ।
ਹਫ਼ਤਾ 2
ਉਹੀ ਦੋ, ਅਤੇ ਕਿਸੇ ਹੋਰ ਦਿਨ 20 ਮਿੰਟ ਦੀ ਸੈਰ। ਕਿਸੇ ਨੂੰ ਦੱਸ ਦਿਓ ਕਿ ਤੁਹਾਡੇ ਦਿਨ ਕਿਹੜੇ ਹਨ।
ਹਫ਼ਤਾ 3
ਤਿੰਨ ਸੈਸ਼ਨ। ਮਾੜੇ ਦਿਨ ਲਈ ਆਪਣਾ ਘੱਟੋ-ਘੱਟ ਵਰਜ਼ਨ ਤੈਅ ਕਰੋ ਅਤੇ ਜਾਣ-ਬੁੱਝ ਕੇ ਇੱਕ ਵਾਰ ਉਸ ਨੂੰ ਵਰਤ ਕੇ ਦੇਖੋ।
ਹਫ਼ਤਾ 4
ਤਿੰਨ ਸੈਸ਼ਨ ਅਤੇ ਕਿਸੇ ਦੋਸਤ ਨਾਲ ਚੈਲੇਂਜ: ਇਸ ਹਫ਼ਤੇ ਵੱਧ ਦਿਨਾਂ ਦੀ ਹਾਜ਼ਰੀ ਕਿਸ ਦੀ ਲੱਗਦੀ ਹੈ। ਹਫ਼ਤਾ ਮੁੱਕਣ ਉੱਤੇ ਤੈਅ ਕਰੋ ਕਿ ਕਿਹੜੇ ਦਿਨ ਪੱਕੇ ਰਹਿਣਗੇ।
ਅੰਦਾਜ਼ੇ ਲਈ: ਵਿਸ਼ਵ ਸਿਹਤ ਸੰਗਠਨ ਬਾਲਗਾਂ ਨੂੰ ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਦਰਮਿਆਨੀ ਸਰਗਰਮੀ ਦੀ ਸਲਾਹ ਦਿੰਦਾ ਹੈ। ਪਹਿਲੇ ਮਹੀਨੇ ਉੱਥੇ ਤੱਕ ਪਹੁੰਚਣਾ ਜ਼ਰੂਰੀ ਨਹੀਂ: ਪਹਿਲਾਂ ਆਦਤ, ਫਿਰ ਮਾਤਰਾ।
ਅਕਸਰ ਪੁੱਛੇ ਜਾਂਦੇ ਸਵਾਲ
ਕਸਰਤ ਦੀ ਆਦਤ ਪੈਣ ਨੂੰ ਕਿੰਨੇ ਦਿਨ ਲੱਗਦੇ ਹਨ?
ਇਹ ਇਨਸਾਨ ਉੱਤੇ ਨਿਰਭਰ ਹੈ। ਆਦਤਾਂ ਬਾਰੇ ਜਿਸ ਸਟੱਡੀ ਦਾ ਸਭ ਤੋਂ ਵੱਧ ਹਵਾਲਾ ਦਿੱਤਾ ਜਾਂਦਾ ਹੈ, ਉਸ ਵਿੱਚ 18 ਤੋਂ 254 ਦਿਨ ਲੱਗੇ। ਪ੍ਰੋਸੈੱਸ ਤੇਜ਼ ਹੁੰਦਾ ਹੈ ਇੱਕੋ ਮਾਹੌਲ ਵਿੱਚ ਦੁਹਰਾਉਣ ਨਾਲ: ਉਹੀ ਦਿਨ, ਉਹੀ ਸਮਾਂ, ਉਹੀ ਥਾਂ।
ਪੂਰਾ ਇੱਕ ਹਫ਼ਤਾ ਖੁੰਝ ਗਿਆ, ਹੁਣ ਕੀ ਕਰੀਏ?
ਛੋਟੇ ਵਰਜ਼ਨ ਨਾਲ ਵਾਪਸੀ ਕਰੋ: ਇੱਕ ਛੋਟਾ ਸੈਸ਼ਨ, ਅੱਜ ਜਾਂ ਭਲਕੇ। ਡਬਲ ਸੈਸ਼ਨ ਨਾਲ ਘਾਟਾ ਪੂਰਾ ਨਾ ਕਰੋ; ਵਾਪਸ ਲਿਆਉਣੀ ਹੈ ਹਾਜ਼ਰੀ ਲਗਾਉਣ ਦੀ ਆਦਤ।
ਕਸਰਤ ਸਵੇਰੇ ਕਰਨੀ ਬਿਹਤਰ ਹੈ ਜਾਂ ਰਾਤ ਨੂੰ?
ਸਭ ਤੋਂ ਵਧੀਆ ਸਮਾਂ ਉਹੀ ਹੈ ਜਿਸ ਨੂੰ ਵਾਰ-ਵਾਰ ਨਿਭਾਇਆ ਜਾ ਸਕੇ। ਜੇ ਸਵੇਰਾਂ ਭੱਜ-ਦੌੜ ਵਿੱਚ ਹੀ ਲੰਘਦੀਆਂ ਹਨ, ਤਾਂ ਆਪਣੀ ਆਦਤ ਉਨ੍ਹਾਂ ਉੱਤੇ ਨਾ ਟਿਕਾਓ।
ਕੀ ਲਗਾਤਾਰ ਟਿਕੇ ਰਹਿਣ ਲਈ ਐਪਾਂ ਮਦਦ ਕਰਦੀਆਂ ਹਨ?
ਉਹੀ ਕਰਦੀਆਂ ਹਨ, ਜੋ ਮੁੜ ਆਉਣ ਦਾ ਕਾਰਨ ਦੇਣ: ਨਜ਼ਰ ਆਉਂਦੀ ਤਰੱਕੀ, ਸਟ੍ਰੀਕ, ਅਜਿਹੇ ਲੋਕ ਜਿਨ੍ਹਾਂ ਨੂੰ ਪਤਾ ਲੱਗੇ ਕਿ ਅੱਜ ਨਾਗਾ ਪਿਆ। ਜੋ ਐਪ ਸਿਰਫ਼ ਮਿਣਦੀ ਹੈ, ਉਹ ਤੁਹਾਡੀਆਂ ਆਦਤਾਂ ਨਹੀਂ ਬਦਲਦੀ; ਜੋ ਜਿਮ ਜਾਣ ਦਾ ਮਨ ਬਣਾ ਦੇਵੇ, ਉਹ ਬਦਲਦੀ ਹੈ।
ਕੀ ਘਰ ਵਿੱਚ ਵਰਕਆਊਟ ਕਰ ਕੇ ਆਦਤ ਪੈ ਸਕਦੀ ਹੈ?
ਹਾਂ। ਉਹੀ ਨਿਯਮ ਲਾਗੂ ਹੁੰਦੇ ਹਨ: ਪੱਕਾ ਸਮਾਂ, ਤਿਆਰ ਥਾਂ ਅਤੇ ਕੁਝ ਅਜਿਹਾ ਜੋ ਹਿਸਾਬ ਰੱਖੇ। ਘਰ ਵਿੱਚ ਔਖ ਇਹ ਹੈ ਕਿ ਕੋਈ ਦੇਖਦਾ ਨਹੀਂ, ਇਸ ਲਈ ਮੁਕਾਬਲੇ ਲਈ ਕੋਈ ਲੱਭੋ, ਜਾਂ ਕੋਈ ਅਜਿਹਾ ਜਿਸ ਨੂੰ ਰੋਜ਼ ਦਾ ਹਾਲ ਦੱਸੋ।
ਸਰੋਤ
- Lally, P., van Jaarsveld, C. H. M., Potts, H. W. W. ਅਤੇ Wardle, J. (2010). How are habits formed: Modelling habit formation in the real world. European Journal of Social Psychology, 40(6), 998–1009. doi.org/10.1002/ejsp.674
- ਵਿਸ਼ਵ ਸਿਹਤ ਸੰਗਠਨ (2020). WHO guidelines on physical activity and sedentary behaviour. www.who.int/publications/i/item/9789240015128
ਇਹ ਗਾਈਡ ਆਮ ਜਾਣਕਾਰੀ ਹੈ, ਡਾਕਟਰੀ ਸਲਾਹ ਨਹੀਂ। ਜੇ ਕੋਈ ਸੱਟ ਜਾਂ ਸਿਹਤ ਨਾਲ ਜੁੜੀ ਕੋਈ ਸਮੱਸਿਆ ਹੈ, ਤਾਂ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਲਓ।
ਛੋਟੀ ਸ਼ੁਰੂਆਤ ਕਰੋ। ਅੱਜ ਹੀ ਕਰੋ।
ਤੁਹਾਡਾ wiga ਵੀ ਢਿੱਡ ਨਾਲ ਹੀ ਸ਼ੁਰੂ ਹੁੰਦਾ ਹੈ।





